ਛੋਟੇ ਕਾਰੋਬਾਰਾਂ ਲਈ ਵਿਵਾਦ ਨਿਪਟਾਰਾ (Dispute resolution for small business) Punjabi
ਇਹ ਜਾਣਕਾਰੀ Word ਅਤੇ PDF ਫਾਰਮੈਟ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੈ।
ਵਿਕਟੋਰੀਆ ਦੇ ਛੋਟੇ ਕਾਰੋਬਾਰੀ ਮਾਲਕ ਵਪਾਰਕ ਵਿਵਾਦ ਨੂੰ ਕਿਵੇਂ ਹੱਲ ਕਰ ਸਕਦੇ ਹਨ?
ਛੋਟੇ ਕਾਰੋਬਾਰੀ ਮਾਲਕਾਂ ਨੂੰ ਵਿਵਾਦ ਨੂੰ ਸੁਲਝਾਉਣ ਵਿੱਚ ਕੌਣ ਸਹਾਇਤਾ ਕਰ ਸਕਦਾ ਹੈ?
ਛੋਟੇ ਕਾਰੋਬਾਰੀ ਮਾਲਕ ਜੋ ਆਪਣੇ ਦੁਕਾਨ ਮਾਲਕ, ਸਪਲਾਇਰ, ਫ੍ਰੈਂਚਾਈਜ਼ਰ ਜਾਂ ਕਿਸੇ ਵਪਾਰਕ ਗਾਹਕ ਨਾਲ ਵਪਾਰਕ ਵਿਵਾਦ (ਕਾਰੋਬਾਰੀ ਮਾਮਲੇ ‘ਤੇ ਅਸਹਿਮਤੀ) ਦਾ ਸਾਹਮਣਾ ਕਰ ਰਹੇ ਹਨ, ਉਹ ਉਸ ਵਿਵਾਦ ਦੇ ਨਿਪਟਾਰੇ ਵਿੱਚ ਸਹਾਇਤਾ ਲਈ ਵਿਕਟੋਰੀਅਨ ਸਮਾਲ ਬਿਜ਼ਨੈੱਸ ਕਮਿਸ਼ਨ (VSBC) ਕੋਲ ਅਰਜ਼ੀ ਦੇ ਸਕਦੇ ਹਨ।
ਵਿਕਟੋਰੀਅਨ ਸਮਾਲ ਬਿਜ਼ਨੈੱਸ ਕਮਿਸ਼ਨ (VSBC) ਕੀ ਹੈ?
VSBC ਇੱਕ ਨਿਰਪੱਖ ਸਰਕਾਰੀ ਏਜੰਸੀ ਹੈ ਜੋ “ਵਿਕਲਪਿਕ ਵਿਵਾਦ ਨਿਪਟਾਰਾ (ADR)” ਨਾਮਕ ਪ੍ਰਕਿਰਿਆ ਰਾਹੀਂ ਛੋਟੇ ਕਾਰੋਬਾਰਾਂ ਨੂੰ ਵਿਵਾਦ ਸੁਲਝਾਉਣ ਵਿੱਚ ਮਦਦ ਕਰਦੀ ਹੈ। ਇਹ ਵਿਕਟੋਰੀਅਨ ਸਮਾਲ ਬਿਜ਼ਨੈੱਸ ਕਮਿਸ਼ਨ ਐਕਟ 2017 (ਇਹ ਕਾਨੂੰਨ) ਦੇ ਤਹਿਤ ਸੰਭਵ ਬਣਾਇਆ ਗਿਆ ਹੈ।
ਵਿਕਲਪਕ ਵਿਵਾਦ ਨਿਪਟਾਰਾ (ADR) ਕੀ ਹੈ?
ADR ਇੱਕ ਪ੍ਰਕਿਰਿਆ ਹੈ ਜਿਸ ਵਿੱਚ ਧਿਰਾਂ (ਵਿਵਾਦ ਵਿੱਚ ਸ਼ਾਮਲ ਵਿਅਕਤੀ ਜਾਂ ਕਾਰੋਬਾਰ) ਅਦਾਲਤ ਵਿੱਚ ਜਾਣ ਤੋਂ ਬਿਨਾਂ ਗੱਲਬਾਤ ਰਾਹੀਂ ਆਪਣੇ ਵਿਵਾਦਾਂ ਦਾ ਹੱਲ ਕੱਢਦੀਆਂ ਹਨ।
ADR ਕਰਨ ਦੇ ਕਈ ਤਰੀਕੇ ਹਨ। VSBC ਮੁੱਖ ਤੌਰ ‘ਤੇ ਮੀਡੀਏਸ਼ਨ (ਵਿਚੋਲਗੀ) ਨਾਮਕ ਵਿਧੀ ਰਾਹੀਂ ADR ਪ੍ਰਦਾਨ ਕਰਦਾ ਹੈ।
ADR ਦੇ ਕੀ ਫਾਇਦੇ ਹਨ?
ADR ਅਦਾਲਤੀ ਪ੍ਰਣਾਲੀ ਨਾਲੋਂ ਤੇਜ਼ ਅਤੇ ਘੱਟ ਮਹਿੰਗੀ ਹੈ। ਇਹ ਗੁਪਤ ਹੁੰਦੀ ਹੈ ਅਤੇ ਅਦਾਲਤੀ ਕਾਰਵਾਈ ਨਾਲੋਂ ਘੱਟ ਰਸਮੀ ਹੁੰਦੀ ਹੈ। ਤੁਲਨਾ ਕਰਨ ‘ਤੇ, ਬਹੁਤ ਸਾਰੇ ਲੋਕ ADR ਨੂੰ ਘੱਟ ਤਣਾਅਪੂਰਨ ਮੰਨਦੇ ਹਨ।
ਮੀਡੀਏਸ਼ਨ ਕੀ ਹੁੰਦੀ ਹੈ?
ਮੀਡੀਏਸ਼ਨ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਵਿਵਾਦ ਵਿੱਚ ਸ਼ਾਮਲ ਧਿਰਾਂ ਇੱਕ ਮੀਡੀਏਟਰ ਦੀ ਅਗਵਾਈ ਵਿੱਚ ਮਿਲਦੀਆਂ ਹਨ, ਜਿਸਦਾ ਉਦੇਸ਼ ਕਿਸੇ ਹੱਲ ‘ਤੇ ਸਹਿਮਤੀ ਹਾਸਲ ਕਰਨਾ ਹੁੰਦਾ ਹੈ। ਮੀਡੀਏਟਰ ਗੱਲਬਾਤ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਵਾਲਾ ਇੱਕ ਸੁਤੰਤਰ ਅਤੇ ਨਿਰਪੱਖ ਵਿਅਕਤੀ ਹੁੰਦਾ ਹੈ। ਇਸਦਾ ਮਤਲਬ ਹੈ ਕਿ ਉਹ ਨਿਰਦਲੀ ਹੁੰਦਾ ਹੈ। ਉਸਦੀ ਭੂਮਿਕਾ ਧਿਰਾਂ ਵਿਚਕਾਰ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੁੰਦੀ ਹੈ ਤਾਂ ਜੋ ਦੋਵਾਂ ਧਿਰਾਂ ਲਈ ਮੰਨਜ਼ੂਰਯੋਗ ਹੱਲ ਤੱਕ ਪਹੁੰਚਿਆ ਜਾ ਸਕੇ।
ਵਿਵਾਦ ਦੀ ਮੀਡੀਏਸ਼ਨ ਕੌਣ ਕਰਦਾ ਹੈ?
VSBC ਆਪਣੇ ਤਜ਼ਰਬੇਕਾਰ ਅਤੇ ਪ੍ਰਮਾਣਿਤ ਪੇਸ਼ੇਵਰਾਂ ਦੇ ਪੈਨਲ ਵਿਚੋਂ ਕਿਸੇ ਸੁਤੰਤਰ ਅਤੇ ਨਿਰਪੱਖ ਮੀਡੀਏਟਰ ਦੀ ਨਿਯੁਕਤੀ ਕਰਦਾ ਹੈ।
VSBC ਕਿਸ ਤਰ੍ਹਾਂ ਦੇ ਕਾਰੋਬਾਰੀ ਵਿਵਾਦਾਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ?
VSBC ਵਿਕਟੋਰੀਆ ਦੇ ਛੋਟੇ ਕਾਰੋਬਾਰ ਅਤੇ ਕਿਸੇ ਹੋਰ ਕਾਰੋਬਾਰ ਜਾਂ ਸਰਕਾਰੀ ਏਜੰਸੀ ਦੇ ਵਿਚਕਾਰ ਕਾਰੋਬਾਰੀ ਵਿਵਾਦਾਂ ਦੇ ਨਿਪਟਾਰੇ ਵਿੱਚ ਮਦਦ ਕਰ ਸਕਦਾ ਹੈ। VSBC ਜਿਨ੍ਹਾਂ ਵਿਵਾਦਾਂ ਵਿੱਚ ਸਹਾਇਤਾ ਕਰ ਸਕਦਾ ਹੈ, ਉਨ੍ਹਾਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ:
- ਰਿਟੇਲ ਲੀਜ਼ ਵਿਵਾਦ: ਕਿਰਾਏਦਾਰਾਂ ਅਤੇ ਦੁਕਾਨ ਮਾਲਕਾਂ ਵਿਚਕਾਰ ਅਸਹਿਮਤੀਆਂ। ਹੋਰਾਂ ਪ੍ਰਬੰਧ ਦੇ ਨਾਲ-ਨਾਲ, ਉਦਾਹਰਨਾਂ ਵਿੱਚ ਕਿਰਾਏ ਦੀਆਂ ਸਮੀਖਿਆਵਾਂ, ਮੁਰੰਮਤ, ਜਾਂ “ਜਗ੍ਹਾ ਨੂੰ ਪਹਿਲਾਂ ਵਾਂਗ ਚੰਗਾ ਬਣਾਉਣ” ਦੇ ਪ੍ਰਬੰਧ ਸ਼ਾਮਲ ਹਨ।
- ਇਕਰਾਰਨਾਮੇ ਨਾਲ ਸੰਬੰਧਿਤ ਅਸਹਿਮਤੀਆਂ: ਸਾਮਾਨ ਦੀ ਗੁਣਵੱਤਾ, ਕਾਰੋਬਾਰੀ ਸਮਝੌਤੇ ਦੀਆਂ ਸ਼ਰਤਾਂ ਜਾਂ ਸੇਵਾਵਾਂ ਨਾ ਪ੍ਰਦਾਨ ਕੀਤੇ ਜਾਣ ਬਾਰੇ ਵਿਵਾਦ।
- ਫ੍ਰੈਂਚਾਈਜ਼ਿੰਗ ਵਿਵਾਦ: ਫਰੈਂਚਾਈਜ਼ਰਾਂ ਅਤੇ ਫ੍ਰੈਂਚਾਇਜ਼ੀ ਵਿਚਕਾਰ ਕਾਰੋਬਾਰੀ ਮਾਮਲਿਆਂ ‘ਤੇ ਅਸਹਿਮਤੀਆਂ।
- ਆਵਾਜਾਈ ਅਤੇ ਜੰਗਲਾਤ ਵਿਵਾਦ: ਜੰਗਲਾਤ ਠੇਕੇਦਾਰਾਂ, ਜਾਂ ਕਾਰੋਬਾਰੀ ਵਾਹਨਾਂ ਦੇ ਮਾਲਕ-ਡਰਾਈਵਰਾਂ, ਅਤੇ ਉਨ੍ਹਾਂ ਨੂੰ ਕੰਮ ‘ਤੇ ਰੱਖਣ ਵਾਲਿਆਂ ਵਿਚਕਾਰ ਅਸਹਿਮਤੀਆਂ।
- ਭੁਗਤਾਨ ਨਾ ਕੀਤੇ ਇਨਵੌਇਸ ਅਤੇ ਕਰਜ਼ੇ: ਕਾਰੋਬਾਰੀ ਗਾਹਕਾਂ ਤੋਂ ਪੈਸੇ ਵਸੂਲਣ ਜਾਂ ਸਪਲਾਇਰਾਂ ਨਾਲ ਭੁਗਤਾਨ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਇਤਾ।
- ਸਰਕਾਰੀ ਵਿਵਾਦ: ਜਿੱਥੇ ਕਿਸੇ ਛੋਟੇ ਕਾਰੋਬਾਰ ਦੀ ਸਰਕਾਰੀ ਏਜੰਸੀ ਜਾਂ ਅਥਾਰਟੀ ਨਾਲ ਵਪਾਰਕ ਅਸਹਿਮਤੀ ਹੋਵੇ, ਜਿਵੇਂ ਕਿ ਇਕਰਾਰਨਾਮੇ ਦੀਆਂ ਸ਼ਰਤਾਂ ਜਾਂ ਖ਼ਰੀਦ ਪ੍ਰਕਿਰਿਆ ਬਾਰੇ।
- ਗਿਗ ਵਰਕਰ ਅਤੇ ਉਨ੍ਹਾਂ ਦੇ ਪਲੇਟਫਾਰਮ: ਸਵੈ-ਨਿਰਭਰ ਗਿਗ ਵਰਕਰ (ਜਿਵੇਂ ਕਿ ਡਿਲੀਵਰੀ ਡਰਾਈਵਰ, ਰਾਈਡਸ਼ੇਅਰ ਡਰਾਈਵਰ ਅਤੇ ਦੇਖਭਾਲ ਕਰਮਚਾਰੀ) ਜੋ ਭੁਗਤਾਨ ਜਾਂ ਇਕਰਾਰਨਾਮੇ ਸੰਬੰਧੀ ਮਾਮਲਿਆਂ ‘ਤੇ ਡਿਜ਼ੀਟਲ ਪਲੇਟਫਾਰਮਾਂ ਨਾਲ ਵਿਵਾਦ ਵਿੱਚ ਹੋਣ।
ਨੋਟ: ਖਾਤਾ ਬੰਦ ਕਰਨ ਨਾਲ ਸੰਬੰਧਿਤ ਵਿਵਾਦ (ਜਿੱਥੇ ਕਿਸੇ ਵਰਕਰ ਨੂੰ ਐਪ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ)VSBC ਕੋਲ ਨਹੀਂ, ਸਗੋਂ ਫੇਅਰ ਵਰਕ ਕਮਿਸ਼ਨ ਕੋਲ ਦਰਜ ਕਰਵਾਉਣੇ ਲਾਜ਼ਮੀ ਹਨ।
VSBC ਦੀ ਵਿਕਲਪਿਕ ਵਿਵਾਦ ਨਿਪਟਾਰਾ ਪ੍ਰਕਿਰਿਆ
1. ਸਹਾਇਤਾ ਲਈ vic.gov.au ‘ਤੇ ਅਰਜ਼ੀ ਦਿਓ
ਸਾਰੀਆਂ ਅਰਜ਼ੀਆਂ VSBC ਦੀ ਵੈਬਸਾਈਟ ਰਾਹੀਂ ਦਿੱਤੀਆਂ ਜਾਣੀਆਂ ਲਾਜ਼ਮੀ ਹਨ।
ਤੁਹਾਨੂੰ ਆਪਣੇ ਸੰਪਰਕ ਵੇਰਵੇ ਅਤੇ ਆਸਟ੍ਰੇਲੀਅਨ ਬਿਜ਼ਨੈੱਸ ਨੰਬਰ (ABN), ਅਤੇ ਜਿਸ ਨਾਲ ਤੁਹਾਡਾ ਵਿਵਾਦ ਹੈ ਉਸਦੇ ਸੰਪਰਕ ਵੇਰਵੇ ਪ੍ਰਦਾਨ ਕਰਨ ਦੀ ਜ਼ਰੂਰਤ ਹੋਏਗੀ। ਤੁਹਾਨੂੰ ਉਹ ਦਸਤਾਵੇਜ਼ ਵੀ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ ਜੋ ਤੁਹਾਡੇ ਵਿਵਾਦ ਦੀ ਜਾਣਕਾਰੀ ਦਿੰਦੇ ਹਨ, ਜਿਸ ਵਿੱਚ ਉਪਲਬਧ ਸਬੂਤ ਵੀ ਸ਼ਾਮਲ ਹੋ ਸਕਦੇ ਹਨ।
2. ਸ਼ੁਰੂਆਤੀ ਵਿਵਾਦ ਨਿਪਟਾਰਾ ਸਹਾਇਤਾ
VSBC ਦਾ ਇੱਕ ਵਿਵਾਦ ਨਿਪਟਾਰਾ ਅਧਿਕਾਰੀ (Dispute Resolution Officer, DRO) ਤੁਹਾਡੀ ਫਾਈਲ ਸੰਭਾਲੇਗਾ ਅਤੇ ਉਹ ਪੂਰੀ ਪ੍ਰਕਿਰਿਆ ਦੌਰਾਨ ਤੁਹਾਡਾ ਮੁੱਖ ਸੰਪਰਕ ਹੋਵੇਗਾ।
DRO ਦੀ ਭੂਮਿਕਾ ਤੁਹਾਨੂੰ (ਅਰਜ਼ੀਕਰਤਾ) ਅਤੇ ਜਿਸ ਸੰਸਥਾ ਨਾਲ ਤੁਹਾਡਾ ਵਿਵਾਦ ਹੈ, ਉਨ੍ਹਾਂ ਵਿਚਕਾਰ ਇਸ ਮਾਮਲੇ ‘ਤੇ ਚਰਚਾ ਕਰਵਾਉਣ ਵਿੱਚ ਮਦਦ ਕਰਨੀ ਹੁੰਦੀ ਹੈ। ਇਸ ਪ੍ਰਕਿਰਿਆ ਦੌਰਾਨ DRO ਨਿਰਪੱਖ ਰਹਿੰਦਾ ਹੈ। ਉਸਦਾ ਕੰਮ ਧਿਰਾਂ ਨੂੰ ਅਜਿਹੇ ਹੱਲਾਂ ਬਾਰੇ ਸੋਚਣ ਲਈ ਉਤਸ਼ਾਹਿਤ ਕਰਨਾ ਹੁੰਦਾ ਹੈ, ਜੋ ਦੋਵਾਂ ਲਈ ਮੰਨਜ਼ੂਰਯੋਗ ਹੋਣ।
ਇਹ ਸੇਵਾ ਮੁਫ਼ਤ ਹੈ।
ਵਿੱਤੀ ਸਾਲ 2024-25 ਦੌਰਾਨ, ਇਸ ਮੁੱਢਲੀ ਸਹਾਇਤਾ ਰਾਹੀਂ 33% ਵਿਵਾਦਾਂ ਦਾ ਹੱਲ ਕੀਤਾ ਗਿਆ ਸੀ।
3. ਮੀਡੀਏਸ਼ਨ
ਜੇਕਰ ਸ਼ੁਰੂਆਤੀ ਸਹਾਇਤਾ ਪੜਾਅ ਦੌਰਾਨ ਵਿਵਾਦ ਦਾ ਹੱਲ ਨਹੀਂ ਹੁੰਦਾ, ਤਾਂ DRO ਧਿਰਾਂ ਨੂੰ ਮੀਡੀਏਸ਼ਨ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰ ਸਕਦਾ ਹੈ।
ਮੀਡੀਏਸ਼ਨ ਵਿਵਾਦ ਵਾਲੀਆਂ ਧਿਰਾਂ ਵਿਚਕਾਰ ਇੱਕ ਗੁਪਤ ਮੀਟਿੰਗ ਹੁੰਦੀ ਹੈ, ਜਿਸਨੂੰ VSBC ਦੁਆਰਾ ਨਿਯੁਕਤ ਪ੍ਰਮਾਣਿਤ ਮੀਡੀਏਟਰ ਦੁਆਰਾ ਚਲਾਇਆ ਜਾਂਦਾ ਹੈ। ਮੀਡੀਏਟਰ ਧਿਰਾਂ ਦਾ ਅਜਿਹੇ ਹੱਲ ‘ਤੇ ਗੱਲਬਾਤ ਰਾਹੀਂ ਪਹੁੰਚਣ ਲਈ ਮਾਰਗਦਰਸ਼ਨ ਕਰਦਾ ਹੈ, ਜੋ ਉਹ ਸਭ ਸਵੀਕਾਰ ਕਰ ਸਕਣ।
ਮੀਡੀਏਸ਼ਨ ਮੀਟਿੰਗਾਂ ਵੀਡੀਓ ਰਾਹੀਂ ਔਨਲਾਈਨ ਕੀਤੀਆਂ ਜਾਂਦੀਆਂ ਹਨ।
ਵਿੱਤੀ ਸਾਲ 2024–25 ਵਿੱਚ, VSBC ਦੁਆਰਾ ਕਰਵਾਈਆਂ ਗਈਆਂ 69% ਮੀਡੀਏਸ਼ਨ ਸਫ਼ਲ ਰਹੀਆਂ।
4. ਨਤੀਜੇ ‘ਤੇ ਸਹਿਮਤ ਹੋਣਾ
ਜੇਕਰ ਮੀਡੀਏਸ਼ਨ ਸਫ਼ਲ ਰਹਿੰਦੀ ਹੈ, ਤਾਂ ਦੋਵਾਂ ਧਿਰਾਂ ਨਿਪਟਾਰੇ ਦੀਆਂ ਸ਼ਰਤਾਂ ‘ਤੇ ਦਸਤਖ਼ਤ ਕਰਨਗੀਆਂ। ਇਹ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਅਤੇ ਇਸਨੂੰ ਅਦਾਲਤਾਂ ਦੁਆਰਾ ਲਾਗੂ ਕਰਵਾਇਆ ਜਾ ਸਕਦਾ ਹੈ।
5. ਰਟੀਫਿਕੇਟ ਲਈ ਅਰਜ਼ੀ ਦਿਓ
ਜੇਕਰ ਮੀਡੀਏਸ਼ਨ ਅਸਫ਼ਲ ਰਹਿੰਦੀ ਹੈ, ਤਾਂ ਕੋਈ ਵੀ ਧਿਰ VSBC ਤੋਂ ਸਰਟੀਫਿਕੇਟ ਲੈਣ ਦੀ ਬੇਨਤੀ ਕਰ ਸਕਦੀ ਹੈ, ਜੋ ਇਸ ਗੱਲ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ ਕਿ ਤੁਸੀਂ ਮਾਮਲੇ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਫ਼ਲ ਨਹੀਂ ਹੋ ਸਕੇ।
ਅਕਸਰ ਪੁੱਛੇ ਜਾਣ ਵਾਲੇ ਸਵਾਲ
VSBC ਦੀਆਂ ਵਿਵਾਦ ਨਿਪਟਾਰਾ ਸੇਵਾਵਾਂ ਦੀ ਕੀਮਤ ਕੀ ਹੈ?
VSBC ਨੂੰ ਵਿਕਟੋਰੀਆ ਸਰਕਾਰ ਦੁਆਰਾ ਫ਼ੰਡ ਦਿੱਤਾ ਜਾਂਦਾ ਹੈ ਅਤੇ ਸ਼ੁਰੂਆਤੀ ਸਹਾਇਤਾ ਮੁਫ਼ਤ ਹੁੰਦੀ ਹੈ।
ਮਈ 2026 ਵਿੱਚ, ਹਰੇਕ ਧਿਰ ਦੁਆਰਾ ਮੀਡੀਏਸ਼ਨ ਲਈ ਭੁਗਤਾਨਯੋਗ ਫ਼ੀਸ ਅੱਧੇ ਦਿਨ ਦੇ ਸੈਸ਼ਨ ਲਈ $300 (GST ਸਮੇਤ) ਅਤੇ ਪੂਰੇ ਦਿਨ ਦੇ ਸੈਸ਼ਨ ਲਈ $600 (GST ਸਮੇਤ) ਸੀ। ਇਹ ਬਦਲ ਸਕਦੀਆਂ ਹਨ।
ਕੀ ਮੀਡੀਏਸ਼ਨ ਦਾ ਸਹਿਮਤ ਨਤੀਜਾ ਕਾਨੂੰਨੀ ਤੌਰ ‘ਤੇ ਬਾਈਡਿੰਗ ਹੁੰਦਾ ਹੈ?
ਜਦੋਂ ਸਮਝੌਤੇ ਦੀਆਂ ਸ਼ਰਤਾਂ ‘ਤੇ ਸਹਿਮਤੀ ਹੋ ਜਾਂਦੀ ਹੈ, ਅਤੇ ਉਨ੍ਹਾਂ ‘ਤੇ ਦਸਤਖ਼ਤ ਕਰ ਦਿੱਤੇ ਜਾਂਦੇ ਹਨ ਅਤੇ ਮਿਤੀ ਲਿਖ ਦਿੱਤੀ ਜਾਂਦੀ ਹੈ, ਤਾਂ ਮਾਮਲਾ ਹੱਲ ਹੋਇਆ ਮੰਨਿਆ ਜਾਂਦਾ ਹੈ ਅਤੇ ਇਹ ਸਮਝੌਤਾ ਕਾਨੂੰਨੀ ਤੌਰ ‘ਤੇ ਲਾਗੂ ਹੋਣ ਯੋਗ ਹੁੰਦਾ ਹੈ। ਜੇਕਰ ਕੋਈ ਧਿਰ ਆਪਣੀ ਵਚਨਬੱਧਤਾ ਪੂਰੀ ਨਹੀਂ ਕਰਦੀ ਹੈ, ਤਾਂ ਉਸਨੂੰ ਸਮਝੌਤੇ ਦੀਆਂ ਸ਼ਰਤਾਂ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਲਿਜਾਇਆ ਜਾ ਸਕਦਾ ਹੈ।
VSBC ਨਾਲ ਸੰਪਰਕ ਕਰੋ
- ਜਾਣਕਾਰੀ ਪ੍ਰਾਪਤ ਕਰਨ ਲਈ ਅਤੇ ਅਰਜ਼ੀ ਦੇਣ ਲਈ, vic.gov.au ‘ਤੇ ਜਾਓ।
- VSBC ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਲਈ 1800 878 964 ‘ਤੇ ਫ਼ੋਨ ਕਰੋ।
- ਅਨੁਵਾਦਕ ਤੱਕ ਪਹੁੰਚ ਕਰਨ ਲਈ 131 450 ‘ਤੇ ਫ਼ੋਨ ਕਰੋ ਅਤੇ VSBC ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਬੇਨਤੀ ਕਰੋ।
VSBC ਕੀ ਨਹੀਂ ਕਰਦਾ?
VSBC ਕਾਨੂੰਨੀ, ਵਿੱਤੀ ਜਾਂ ਵਪਾਰਕ ਸਲਾਹ ਪ੍ਰਦਾਨ ਨਹੀਂ ਕਰ ਸਕਦਾ, ਅਤੇ ਨਾ ਹੀ ਕਰਦਾ ਹੈ।
ਕਾਨੂੰਨੀ ਸਲਾਹ ਲਈ ਵਕੀਲ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਵਿਕਟੋਰੀਆ ਦੇ ਲਾਅ ਇੰਸਟੀਚਿਊਟ ਵੱਲੋਂ ਮੁਫ਼ਤ ਰੈਫ਼ਰਲ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ, ਜੋ liv.asn.au/referral ‘ਤੇ ਔਨਲਾਈਨ ਉਪਲਬਧ ਹੈ
ਕਾਰੋਬਾਰ ਸੰਬੰਧੀ ਮਾਰਗਦਰਸ਼ਨ ਅਤੇ ਜਾਣਕਾਰੀ ਲਈ business.vic.gov.au ‘ਤੇ ਜਾਓ ਜਾਂ 13 22 15 ‘ਤੇ ਫ਼ੋਨ ਕਰੋ।
VSBC ਕਿਸੇ ਵਿਵਾਦ ਵਿੱਚ ਕੋਈ ਪੱਖ ਨਹੀਂ ਲੈਂਦਾ (ਇਹ ਨਿਰਪੱਖ ਹੈ)।
VSBC ਵਿਵਾਦਾਂ ‘ਤੇ ਫ਼ੈਸਲੇ ਜਾਂ ਹੁਕਮ ਨਹੀਂ ਦਿੰਦਾ, ਇਸਦੀ ਬਜਾਏ, ਇਹ ਧਿਰਾਂ ਨੂੰ ਅਜਿਹਾ ਹੱਲ ਗੱਲਬਾਤ ਰਾਹੀਂ ਲੱਭਣ ਲਈ ਮਾਰਗਦਰਸ਼ਨ ਕਰਦਾ ਹੈ ਜਿਸਨੂੰ ਉਹ ਸਾਰੇ ਸਵੀਕਾਰ ਕਰਦੇ ਹੋਣ।
VSBC ਖ਼ਪਤਕਾਰਾਂ (ਨਿੱਜੀ ਵਿਅਕਤੀ) ਦੀਆਂ ਸ਼ਿਕਾਇਤਾਂ ਜਾਂ ਵਿਵਾਦਾਂ ਵਿੱਚ ਸਹਾਇਤਾ ਨਹੀਂ ਕਰਦਾ ਹੈ। ਅਜਿਹੇ ਮਾਮਲੇ ਕੰਜ਼ਿਊਮਰ ਅਫੇਅਰਜ਼ ਵਿਕਟੋਰੀਆ ਦੇ ਅਧੀਨ ਆਉਂਦੇ ਹਨ।